Friday, November 15, 2024
HomePunjab'ਖੇਡਾਂ ਵਤਨ ਪੰਜਾਬ ਦੀਆ' ਸਮਾਪਤ: ਮੁੱਖ ਮੰਤਰੀ ਮਾਨ ਨੇ 9961 ਖਿਡਾਰੀਆਂ ਨੂੰ...

‘ਖੇਡਾਂ ਵਤਨ ਪੰਜਾਬ ਦੀਆ’ ਸਮਾਪਤ: ਮੁੱਖ ਮੰਤਰੀ ਮਾਨ ਨੇ 9961 ਖਿਡਾਰੀਆਂ ਨੂੰ ਵੰਡੀ 6.85 ਕਰੋੜ ਦੀ ਇਨਾਮੀ ਰਾਸ਼ੀ

ਲੁਧਿਆਣਾ: ਵੀਰਵਾਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਰੰਗਾਰੰਗ ਪ੍ਰੋਗਰਾਮ ‘ਖੇਡਾਂ ਵਤਨ ਪੰਜਾਬ ਦੀਆ’ ਸਮਾਪਤ ਹੋ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਸੰਕਲਪ ਲਿਆ। ਇਨ੍ਹਾਂ ਖੇਡਾਂ ਦੌਰਾਨ ਰਾਜ ਪੱਧਰ ’ਤੇ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੇ 9961 ਖਿਡਾਰੀਆਂ ਦੇ ਬੈਂਕ ਖਾਤਿਆਂ ਵਿੱਚ 6.85 ਕਰੋੜ ਰੁਪਏ ਦੀ ਰਾਸ਼ੀ ਡਿਜ਼ੀਟਲ ਤੌਰ ’ਤੇ ਟਰਾਂਸਫਰ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਾਰੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਡੀ ਸਫਲਤਾ ਦੀ ਕਾਮਨਾ ਕੀਤੀ।

ਉਨ੍ਹਾਂ ਦੱਸਿਆ ਕਿ ਸੋਨ ਤਮਗਾ ਜੇਤੂ ਦੇ ਖਾਤੇ ਵਿੱਚ 10,000 ਰੁਪਏ, ਚਾਂਦੀ ਤਮਗਾ ਜੇਤੂ ਦੇ ਖਾਤੇ ਵਿੱਚ 7,000 ਰੁਪਏ ਅਤੇ ਕਾਂਸੀ ਤਮਗਾ ਜੇਤੂ ਦੇ ਖਾਤੇ ਵਿੱਚ 5,000 ਰੁਪਏ ਟਰਾਂਸਫਰ ਕੀਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਕੋਨੇ-ਕੋਨੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਇਹ ਖੇਡਾਂ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਸੂਬਾ ਪੱਧਰੀ ਖੇਡਾਂ ਵਿੱਚ ਕ੍ਰਮਵਾਰ 202, 133 ਅਤੇ 123 ਸੋਨ ਤਗਮੇ ਜਿੱਤ ਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਪਟਿਆਲਾ, ਲੁਧਿਆਣਾ ਅਤੇ ਐੱਸ.ਏ.ਐੱਸ. ਨੂੰ ਵਧਾਈ ਦਿੱਤੀ। ਸਿਟੀ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ।

ਉਨ੍ਹਾਂ ਅੰਮ੍ਰਿਤਸਰ, ਬਰਨਾਲਾ, ਫਰੀਦਕੋਟ, ਜਲੰਧਰ, ਲੁਧਿਆਣਾ, ਪਟਿਆਲਾ, ਰੂਪਨਗਰ, ਐੱਸ.ਏ.ਐੱਸ. ਨਗਰ ਅਤੇ ਸੰਗਰੂਰ ਸਮੇਤ 9 ਜ਼ਿਲ੍ਹਿਆਂ ਨੂੰ ਰਾਜ ਪੱਧਰੀ ਖੇਡਾਂ ਨੂੰ ਵਧੀਆ ਢੰਗ ਨਾਲ ਕਰਵਾਉਣ ਲਈ ਸਨਮਾਨਿਤ ਕੀਤਾ ਗਿਆ। ਭਗਵੰਤ ਮਾਨ ਨੇ ਇਨ੍ਹਾਂ ਖੇਡਾਂ ਦੇ ਸਫਲ ਆਯੋਜਨ ਲਈ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਵਧਾਈ ਦਿੱਤੀ। ਕਰੀਬ ਤਿੰਨ ਮਹੀਨਿਆਂ ਤੱਕ ਚੱਲੇ ਇਸ ਸ਼ਾਨਦਾਰ ਖੇਡ ਮੇਲੇ ਦੀ ਸਮਾਪਤੀ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਛੇ ਉਮਰ ਵਰਗ ਦੇ ਤਿੰਨ ਲੱਖ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੇ ਬਲਾਕ ਤੋਂ ਲੈ ਕੇ ਰਾਜ ਪੱਧਰ ਤੱਕ 28 ਖੇਡਾਂ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments