ਕੈਨੇਡਾ ਤੋਂ ਲਗਭਗ 700 ਭਾਰਤੀ ਵਿਦਿਆਰਥੀਆਂ ਨੂੰ ਭਾਰਤ ਡਿਪੋਰਟ ਕੀਤਾ ਜਾ ਰਿਹਾ ਹੈ। ਇਨ੍ਹਾਂ ‘ਚੋਂ ਬਹੁਤ ਸਾਰੇ ਵਿਦਿਆਰਥੀ ਪੰਜਾਬ ਨਾਲ ਸਬੰਧ ਰੱਖਦੇ ਹਨ। ਹੁਣ ਪੰਜਾਬ ਦੇ NRI ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਐਡਵੋਕੇਟ ਜਨਰਲ ਵਿਨੋਦ ਘਈ ਨਾਲ ਵਿਦਿਆਰਥੀਆਂ ਲਈ ਮੀਟਿੰਗ ਕੀਤੀ ਹੈ।
ਮੰਤਰੀ ਕੁਲਦੀਪ ਧਾਲੀਵਾਲ ਨੇ ਵਿਦਿਆਰਥੀਆਂ ਦੀ ਸਹਾਇਤਾ ਲਈ ਏਜੀ ਵਿਨੋਦ ਘਈ ਨਾਲ ਕਾਨੂੰਨੀ ਪੱਖ ਬਾਰੇ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸੀਐਮ ਭਗਵੰਤ ਮਾਨ ਨੇ ਸਾਰੇ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੇ ਆਦੇਸ਼ ਦਿੱਤੇ ਹਨ। ਪੰਜਾਬ ਸਰਕਾਰ ਸਾਰੇ 700 ਭਾਰਤੀ ਵਿਦਿਆਰਥੀਆਂ ਦੀ ਪੈਰਵੀ ਕਰਕੇ ਉਨ੍ਹਾਂ ਦੇ ਭਾਰਤ ਵਾਪਸ ਭੇਜੇ ਜਾਣ ਦੇ ਖ਼ਤਰੇ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਏਜੀ ਨਾਲ ਕਾਨੂੰਨੀ ਪਹਿਲੂਆਂ ‘ਤੇ ਗੱਲਬਾਤ ਕੀਤੀ ਹੈ।ਇਮੀਗ੍ਰੇਸ਼ਨ ਕੇਸ ਨਾਲ ਸਬੰਧਤ ਵਕੀਲ ਲੱਭਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਹੈ ਕਿ ਉਹ ਦਿੱਲੀ ਸਥਿਤ ਕੈਨੇਡੀਅਨ ਰਾਜਦੂਤ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੂੰ ਪੱਤਰ ਲਿਖਣ ਵਾਲੇ ਹਨ ਅਤੇ ਕੈਨੇਡਾ ਵਿੱਚ ਬੈਠੇ ਭਾਰਤੀ ਰਾਜਦੂਤ ਨੂੰ ਵੀ ਪੱਤਰ ਲਿਖਣਗੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਸ ਕਾਲਜ ਨੂੰ ਵੀ ਪੱਤਰ ਲਿਖਣਗੇ,ਜਿੱਥੋਂ ਭਾਰਤੀ ਵਿਦਿਆਰਥੀਆਂ ਨੇ ਸਿੱਖਿਆ ਪ੍ਰਾਪਤ ਕੀਤੀ ਹੈ, ਤਾਂ ਜੋ ਉਨ੍ਹਾਂ ਦੀ ਸਹਾਇਤਾ ਹੋ ਸਕੇ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਗੇ ਕਿਹਾ ਕਿ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਭਾਰਤੀ ਵਿਦਿਆਰਥੀਆਂ ਨੇ ਜਾਣਬੁੱਝ ਧੋਖਾਧੜੀ ਨਹੀਂ ਕੀਤੀ। ਉਨ੍ਹਾਂ ਨਾਲ ਟਰੈਵਲ ਏਜੰਟ ਨੇ ਧੋਖਾ ਕੀਤਾ ਹੈ ਅਤੇ ਪੰਜਾਬ ਸਰਕਾਰ ਮੁਲਜ਼ਮ ਟਰੈਵਲ ਏਜੰਟ ਵਿਰੁੱਧ ਸਖਤ ਕਾਨੂੰਨੀ ਐਕਸ਼ਨ ਲਵੇਗੀ।