ਉੱਤਰਾਖੰਡ ਦੇ ਕੇਦਾਰਨਾਥ ‘ਚ ਹੈਲੀਕਾਪਟਰ ਹਾਦਸੇ ‘ਚ ਮਾਰੇ ਗਏ ਸਾਰੇ ਲੋਕਾਂ ਦੀ ਪਛਾਣ ਹੋ ਗਈ ਹੈ। ਮਰਨ ਵਾਲਿਆਂ ‘ਚੋਂ ਤਿੰਨ ਗੁਜਰਾਤ ਅਤੇ ਤਿੰਨ ਚੇਨਈ ਦੇ ਰਹਿਣ ਵਾਲੇ ਸਨ, ਜਦਕਿ ਪਾਇਲਟ ਦੀ ਪਛਾਣ ਮੁੰਬਈ ਦੇ 57 ਸਾਲਾ ਅਨਿਲ ਸਿੰਘ ਵਜੋਂ ਹੋਈ ਹੈ। ਕੇਦਾਰਨਾਥ ਤੋਂ ਗੁਪਤਕਾਸ਼ੀ ਵਾਪਸ ਆਉਂਦੇ ਸਮੇਂ ਗਰੁੜਚੱਟੀ ‘ਚ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ 7 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਉੱਤਰਾਖੰਡ ਪੁਲਿਸ ਨੇ ਆਪਣੀ ਜਾਣਕਾਰੀ ਸਾਂਝੀ ਕੀਤੀ ਹੈ।
ਹੈਲੀਕਾਪਟਰ ਵਿੱਚ ਮਰਨ ਵਾਲਿਆਂ ਵਿੱਚ ਪੰਜ ਔਰਤਾਂ ਵੀ ਸ਼ਾਮਲ ਸਨ। ਮਰਨ ਵਾਲਿਆਂ ਵਿੱਚ ਗੁਜਰਾਤ ਦੇ ਭਾਵਨਗਰ ਦੀ ਰਹਿਣ ਵਾਲੀ ਉਰਵੀ ਬਰਾਦ (25), ਕ੍ਰਿਤ ਬਰਾਦ (30), ਪੂਰਵਾ ਰਾਮਾਨੁਜਾ (26) ਹਨ। ਇਨ੍ਹਾਂ ਤੋਂ ਇਲਾਵਾ ਚੇਨਈ ਦੇ ਅੰਨਾ ਨਗਰ ਦੇ ਸੁਜਾਤਾ (56), ਕਾਲਾ (50) ਅਤੇ ਪ੍ਰੇਮ ਕੁਮਾਰ (63) ਵੀ ਹਾਦਸੇ ਦਾ ਸ਼ਿਕਾਰ ਹੋਏ ਹਨ। ਉਪਨਾਮ ਅਤੇ ਸ਼ਹਿਰ ਨੂੰ ਦੇਖ ਕੇ ਲੱਗਦਾ ਹੈ ਕਿ ਹੈਲੀਕਾਪਟਰ ‘ਤੇ ਗੁਜਰਾਤ ਅਤੇ ਤਾਮਿਲਨਾਡੂ ਦੇ ਦੋ ਪਰਿਵਾਰ ਸਵਾਰ ਸਨ। ਹਾਲਾਂਕਿ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਉੱਤਰਾਖੰਡ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਸਬੰਧ ਵਿੱਚ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।