ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਨਮਾਜ਼ ਦੌਰਾਨ ਹੋਏ ਧਮਾਕੇ ‘ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ। ਇਸ ਧਮਾਕੇ ‘ਚ ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਘਟਨਾ ਦੀ ਸ਼ੁਰੂਆਤ ‘ਚ ਤਾਲਿਬਾਨ ਨੇ ਮਰਨ ਵਾਲਿਆਂ ਦੀ ਗਿਣਤੀ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ‘ਚ ਦੱਸਿਆ ਗਿਆ ਕਿ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਖਮੀਆਂ ਨੂੰ ਕਾਬੁਲ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਸ਼ੱਕ ਹੈ ਕਿ ਇਸ ਧਮਾਕੇ ਪਿੱਛੇ ਇਸਲਾਮਿਕ ਸਟੇਟ ਦਾ ਹੱਥ ਹੋ ਸਕਦਾ ਹੈ। ਕਾਬੁਲ ਵਿੱਚ ਹੋਏ ਕਈ ਧਮਾਕਿਆਂ ਵਿੱਚ ਇਸਲਾਮਿਕ ਸਟੇਟ ਦੀ ਭੂਮਿਕਾ ਸਾਹਮਣੇ ਆ ਚੁੱਕੀ ਹੈ।
ਤਾਲਿਬਾਨ ਪੁਲਿਸ ਨੇ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੁਝ ਨਹੀਂ ਕਿਹਾ। ਉਸ ਨੇ ਜ਼ਖਮੀਆਂ ਦੀ ਗਿਣਤੀ ਨਹੀਂ ਦੱਸੀ। ਤਾਲਿਬਾਨ ਦੇ ਇਕ ਖੁਫੀਆ ਅਧਿਕਾਰੀ ਨੇ ਦੱਸਿਆ ਕਿ ਘੱਟੋ-ਘੱਟ 60 ਲੋਕ ਜ਼ਖਮੀ ਹੋਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਦੇ ਨਾਲ ਹੀ ਇਕ ਅਣਪਛਾਤੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 20 ਹੈ। ਮੌਕੇ ‘ਤੇ ਮੌਜੂਦ ਗਵਾਹਾਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਦੱਸੀ ਗਈ ਗਿਣਤੀ ਤੋਂ ਕਈ ਗੁਣਾ ਵੱਧ ਹੋ ਸਕਦੀ ਹੈ। ਨਮਾਜ਼ ਦੌਰਾਨ ਮਸਜਿਦ ‘ਚ ਕਾਫੀ ਲੋਕ ਮੌਜੂਦ ਸਨ।