ਪਦਮ ਸ਼੍ਰੀ, ਅਰਜੁਨ ਐਵਾਰਡੀ ਤੇ ਏਸ਼ਿਆਈ ਸੋਨ ਤਗਮਾ ਜੇਤੂ ਓਲੰਪੀਅਨ ਮੁੱਕੇਬਾਜ਼ ਕੌਰ ਸਿੰਘ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ 85 ਸਾਲ ਦੀ ਉਮਰ ‘ਚ ਕੁਰੂਕਸ਼ੇਤਰ ਦੇ ਇੱਕ ਹਸਪਤਾਲ ਵਿੱਚ ਦਮ ਤੋੜ ਦਿੱਤਾ | ਉਨ੍ਹਾਂ ਦਾ ਅੱਜ ਸੰਗਰੂਰ ਦੇ ਪਿੰਡ ਖਨਾਲ ਖੁਰਦ ‘ਚ ਅੰਤਿਮ ਸੰਸਕਾਰ ਹੋਵੇਗਾ।
ਮਿਲੀ ਹੋਈ ਸੂਚਨਾ ਦੇ ਅਨੁਸਾਰ ਕੌਰ ਸਿੰਘ ਨੂੰ ਸ਼ੂਗਰ ਦੀ ਬਿਮਾਰੀ ਸੀ। ਉਨ੍ਹਾਂ ਦਾ ਇਲਾਜ ਦੋ ਦਿਨ ਤੋਂ ਕੁਰੂਕਸ਼ੇਤਰ ਦੇ ਹਸਪਤਾਲ ਵਿੱਚ ਕੀਤਾ ਜਾ ਰਿਹਾ ਸੀ। ਥੋੜ੍ਹੇ ਸਮੇ ਪਹਿਲਾਂ ਹੀ ਸੂਬਾ ਸਰਕਾਰ ਨੇ ਬੱਚਿਆਂ ਦੀ ਪੜ੍ਹਾਈ ਲਈ ਸਕੂਲਾਂ ਦੀਆਂ ਕਿਤਾਬਾਂ ‘ਚ ਉਨ੍ਹਾਂ ਦੀ ਜੀਵਨੀ ਛਾਪਣ ਦੀ ਘੋਸ਼ਣਾ ਵੀ ਕੀਤੀ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੌਰ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।ਉਨ੍ਹਾਂ ਨੇ ਸੋਸ਼ਲ ਮੀਡਿਆ ਤੇ ਟਵੀਟ ਤੇ ਕਿਹਾ ਹੈ ਕਿ, “ਸੰਗਰੂਰ ਦੇ ਪਿੰਡ ਖਨਾਲ ਖੁਰਦ ਤੋਂ ਜਿਨ੍ਹਾਂ ਨੇ ਭਾਰਤ ਦਾ ਮਾਣ ਅਤੇ ਏਸ਼ੀਆਈ ਖੇਡਾਂ ਵਿੱਚ ਦੇਸ਼ ਨੂੰ ਸੋਨ ਤਗਮਾ ਜਿਤਾਇਆ,ਓਲੰਪੀਅਨ ਮੁੱਕੇਬਾਜ਼ ਪਦਮ ਸ਼੍ਰੀ ਕੌਰ ਸਿੰਘ ਜੀ ਅੱਜ ਨਹੀਂ ਰਹੇ।” ਇਸ ਦੁੱਖ ਦੇ ਸਮੇਂ ਵਿੱਚ ਪਰਿਵਾਰ ਨੂੰ ਪ੍ਰਮਾਤਮਾ ਬਲ ਬਖਸ਼ੇ ਅਤੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।
ਪੰਜਾਬ ਸਰਕਾਰ ਨੇ ਬੀਤੇ ਦਿਨੀਂ ਘੋਸ਼ਣਾ ਕੀਤੀ ਸੀ ਕਿ ਪੰਜਾਬ ਦੇ ਚਾਰ ਮਹਾਨ ਖਿਡਾਰੀ ਏਸ਼ੀਅਨ ਚੈਂਪੀਅਨ ਤੇ ਪਦਮ ਸ਼੍ਰੀ ਵਿਜੇਤਾ ਬੌਕਸਰ ਕੌਰ ਸਿੰਘ, ਦੌੜਾਕ ਮਿਲਖਾ ਸਿੰਘ, ਬਲਬੀਰ ਸਿੰਘ ਸੀਨੀਅਰ ਤੇ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਨੂੰ ਹੁਣ ਪੰਜਾਬ ਦੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲਾਂ ਦੀਆਂ ਕਿਤਾਬਾਂ ਵਿੱਚ ਉਨ੍ਹਾਂ ਦੀ ਜੀਵਨੀ ਛਾਪੀ ਜਾਵੇਗੀ।