ਆਸਟ੍ਰੇਲੀਆ ਨੇ ਵੀਰਵਾਰ ਨੂੰ ਇੰਦੌਰ ਟੈਸਟ ‘ਚ ਭਾਰਤ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੂੰ 76 ਰਨ ਦਾ ਟੀਚਾ ਦਿੱਤਾ ਸੀ, ਜਿਸ ਨੂੰ ਆਸਟਰੇਲੀਆ ਨੇ ਖੇਡ ਸ਼ੁਰੂ ਹੋਣ ਦੇ 76 ਮਿੰਟਾਂ ਦੇ ਅੰਦਰ ਹੀ ਪੂਰਾ ਕਰ ਦਿੱਤਾ ।
ਇਸ ਜਿੱਤ ਨਾਲ ਕੰਗਾਰੂ ਟੀਮ ਨੇ ਚਾਰ ਮੈਚਾਂ ਦੀ ਲੜੀ ਵਿੱਚ 2-1 ਨਾਲ ਵਾਪਸੀ ਕਰ ਲਈ ਹੈ। ਸੀਰੀਜ਼ ਦਾ ਆਖਰੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ 9 ਤੋਂ 13 ਮਾਰਚ ਤੱਕ ਖੇਡਿਆ ਜਾਵੇਗਾ।
ਮੈਚ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਟੀਮ ਨੂੰ ਜਿੱਤ ਲਈ 76 ਰਨ ਦਾ ਛੋਟਾ ਟੀਚਾ ਮਿਲਿਆ ਸੀ, ਹਾਲਾਂਕਿ ਰਵੀਚੰਦਰਨ ਅਸ਼ਵਿਨ ਨੇ ਦਿਨ ਦੀ ਦੂਜੀ ਗੇਂਦ ‘ਤੇ ਉਸਮਾਨ ਖਵਾਜਾ ਨੂੰ ਜ਼ੀਰੋ ‘ਤੇ ਆਊਟ ਕਰਕੇ ਭਾਰਤੀ ਪ੍ਰਸ਼ੰਸਕਾਂ ਦੀਆਂ ਉਮੀਦਾਂ ਨੂੰ ਜਗਾ ਦਿੱਤਾ ਸੀ । ਪਹਿਲੇ 11 ਓਵਰਾਂ ‘ਚ ਭਾਰਤੀ ਸਪਿਨਰ ਵੀ ਪ੍ਰਭਾਵਸ਼ਾਲੀ ਰਹੇ ਪਰ 12ਵੇਂ ਓਵਰ ‘ਚ ਗੇਂਦ ਬਦਲਦੇ ਹੀ ਹਾਲਾਤ ਬਦਲ ਗਏ।ਗੇਂਦ ਬਦਲਣ ਤੋਂ ਪਹਿਲਾਂ ਕੰਗਾਰੂਆਂ ਨੇ ਸਿਰਫ 13 ਰਨ ਬਣਾਏ ਸੀ। ਗੇਂਦ ਬਦਲਣ ਦੇ 7 ਓਵਰਾਂ ਤੋਂ ਬਾਅਦ ਆਸਟਰੇਲੀਆਈ ਬੱਲੇਬਾਜ਼ਾਂ ਨੇ ਬਾਕੀ ਬਚੇ 63 ਰਨ ਬਣਾਏ । ਮਾਰਨਸ ਲਾਬੂਸ਼ੇਨ ਨੇ ਅਸ਼ਵਿਨ ਦੀ ਗੇਂਦ ‘ਤੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਟ੍ਰੈਵਿਸ ਹੈੱਡ 49 ਅਤੇ ਮਾਰਨਸ ਲਾਬੂਸ਼ੇਨ 28 ਰਨ ਬਣਾ ਕੇ ਅੜੇ ਰਹੇ।
ਇਸ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ ਵਿੱਚ 163 ਰਨ ਬਣਾ ਕੇ 75 ਰਨ ਦੀ ਬੜ੍ਹਤ ਹਾਸਲ ਕਰ ਲਈ ਸੀ। ਇਸ ਦੇ ਨਾਲ ਹੀ ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ਵਿੱਚ 197 ਰਨ ਬਣਾਏ ਅਤੇ ਪਹਿਲੀ ਪਾਰੀ ਵਿੱਚ 88 ਰਨ ਦੀ ਲੀਡ ਲੈ ਲਈ। ਭਾਰਤ ਪਹਿਲੀ ਪਾਰੀ ‘ਚ 109 ਰਨ ‘ਤੇ ਸਿਮਟ ਗਿਆ ਸੀ।
ਇਸ ਮੈਚ ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਵੱਲੋਂ ਵਿਰਾਟ ਕੋਹਲੀ ਨੇ ਸਭ ਤੋਂ ਵੱਧ 22 ਰਨ ਬਣਾਏ । ਜਦੋਂ ਕਿ ਕੇਐਲ ਰਾਹੁਲ ਦੀ ਜਗ੍ਹਾ ਖੇਡ ਰਹੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 21 ਰਨ ਬਣਾਏ । ਵਿਕਟਕੀਪਰ ਕੇਐਸ ਭਰਤ ਅਤੇ ਉਮੇਸ਼ ਯਾਦਵ ਨੇ 17-17 ਰਨ ਬਣਾਏ । ਇਸ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਅਤੇ ਅਕਸ਼ਰ ਪਟੇਲ 12-12 ਰਨ ਹੀ ਜੋੜ ਸਕੇ। ਬਾਕੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ। ਆਸਟ੍ਰੇਲੀਆ ਲਈ ਮੈਥਿਊ ਕੁਹਨੇਮੈਨ ਨੇ 5 ਵਿਕਟਾਂ ਲਈਆਂ।