ਬਗਦਾਦ: ਇਰਾਕ ਦੇ ਪ੍ਰਭਾਵਸ਼ਾਲੀ ਸ਼ੀਆ ਮੌਲਵੀ ਮੁਕਤਦਾ ਅਲ-ਸਦਰ ਨੇ ਸੋਮਵਾਰ ਨੂੰ ਰਾਜਨੀਤੀ ਤੋਂ ਹਟਣ ਦਾ ਐਲਾਨ ਕੀਤਾ, ਜਿਸ ਨਾਲ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੂੰ ਸਰਕਾਰੀ ਮਹਿਲ ਵਿੱਚ ਪਹੁੰਚਣ ਲਈ ਪ੍ਰੇਰਿਤ ਕੀਤਾ ਗਿਆ। ਅਲ-ਸਦਰ ਦੇ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ, ਜਿਸ ਵਿਚ ਘੱਟੋ-ਘੱਟ 15 ਪ੍ਰਦਰਸ਼ਨਕਾਰੀ ਮਾਰੇ ਗਏ। ਇਰਾਕ ਦੀ ਫੌਜ ਨੇ ਵਧਦੇ ਤਣਾਅ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸੋਮਵਾਰ ਨੂੰ ਪੂਰੇ ਸ਼ਹਿਰ ਵਿੱਚ ਕਰਫਿਊ ਦਾ ਐਲਾਨ ਕੀਤਾ। ਇਰਾਕ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁਸਤਫਾ ਅਲ-ਕਾਦਿਮੀ ਨੇ ਕੈਬਨਿਟ ਸੈਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ।
ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਸ਼ੀਆ ਮੌਲਵੀ ਦੀ ਘੋਸ਼ਣਾ ਤੋਂ ਬਾਅਦ ਪ੍ਰਦਰਸ਼ਨਾਂ ਦੌਰਾਨ ਦੰਗਾ ਵਿਰੋਧੀ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਤੋਂ ਬਾਅਦ ਦਰਜਨਾਂ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਅਲ-ਸਦਰ ਦੇ ਸਮਰਥਕਾਂ ਅਤੇ ਪੁਲਸ ਵਿਚਾਲੇ ਰਾਤ ਨੂੰ ਝੜਪਾਂ ਹੋਈਆਂ, ਜਿਸ ਦੌਰਾਨ ਗੋਲੀਬਾਰੀ ‘ਚ ਇਕ ਔਰਤ ਜ਼ਖਮੀ ਹੋ ਗਈ। ਮਸ਼ੀਨ ਗੰਨਾਂ ਦੀ ਆਵਾਜ਼ ਪੂਰੇ ਬਗਦਾਦ ਵਿਚ ਗੂੰਜ ਗਈ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਝੜਪ ਵਿੱਚ ਮੋਰਟਾਰ ਅਤੇ ਰਾਕੇਟ ਨਾਲ ਚੱਲਣ ਵਾਲੇ ਗ੍ਰੇਨੇਡਾਂ ਦੀ ਵਰਤੋਂ ਕੀਤੀ ਗਈ।