ਇਸਲਾਮਾਬਾਦ (ਰਾਘਵ): ਪਾਕਿਸਤਾਨ ਹਾਈ ਕੋਰਟ ਦੇ ਇਕ ਜੱਜ ਨੇ ਦਾਅਵਾ ਕੀਤਾ ਹੈ ਕਿ ਸੁਰੱਖਿਆ ਏਜੰਸੀ ਦੇ ਇਕ ਅਧਿਕਾਰੀ ਨੇ ਉਸ ਨੂੰ ਹਾਈ ਪ੍ਰੋਫਾਈਲ ਗੱਲਬਾਤ ਨਾਲ ਸਬੰਧਤ ਆਡੀਓ ਲੀਕ ਦੇ ਮਾਮਲਿਆਂ ਦੀ ਜਾਂਚ ਤੋਂ ਹਟਣ ਦੀ ਧਮਕੀ ਦਿੱਤੀ ਹੈ।
ਖਬਰਾਂ ਮੁਤਾਬਕ ਇਸਲਾਮਾਬਾਦ ਹਾਈ ਕੋਰਟ (IHC) ਦੇ ਜਸਟਿਸ ਬਾਬਰ ਸੱਤਾਰ ਨੇ ਇਸ ਮਾਮਲੇ ਨੂੰ ਲੈ ਕੇ IHC ਦੇ ਚੀਫ ਜਸਟਿਸ ਆਮਿਰ ਫਾਰੂਕ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਨਿਆਂਪਾਲਿਕਾ ਵਿੱਚ ਦਖ਼ਲਅੰਦਾਜ਼ੀ ਦੀ ਗੱਲ ਕੀਤੀ ਗਈ ਹੈ।
ਜਸਟਿਸ ਸੱਤਾਰ ਨੇ ਖੁਲਾਸਾ ਕੀਤਾ ਕਿ ਸੁਰੱਖਿਆ ਅਦਾਰੇ ਦੇ ਇੱਕ ‘ਉੱਚ ਅਧਿਕਾਰੀ’ ਨੇ ਉਸ ਨੂੰ ਆਡੀਓ ਲੀਕ ਮਾਮਲੇ ਵਿੱਚ ਨਿਗਰਾਨੀ ਪ੍ਰਕਿਰਿਆਵਾਂ ਦੀ ਜਾਂਚ ਤੋਂ ਹਟਣ ਦੀ ਧਮਕੀ ਦਿੱਤੀ ਸੀ। ਇਸ ਘਟਨਾ ਨੂੰ ਨਿਆਂਪਾਲਿਕਾ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਮੰਨਿਆ ਜਾ ਰਿਹਾ ਹੈ।
ਜਸਟਿਸ ਸੱਤਾਰ ਅਨੁਸਾਰ ਅਜਿਹਾ ਦਬਾਅ ਨਿਆਂਇਕ ਪ੍ਰਕਿਰਿਆਵਾਂ ਵਿਚ ਰੁਕਾਵਟ ਪੈਦਾ ਕਰਦਾ ਹੈ ਅਤੇ ਨਿਆਂ ਲਈ ਚਿੰਤਾਜਨਕ ਸਥਿਤੀ ਹੈ। ਉਨ੍ਹਾਂ ਚੀਫ਼ ਜਸਟਿਸ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ ਦਾ ਪਰਦਾਫਾਸ਼ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।