ਆਜ਼ਾਦੀ ਸੰਗਰਾਮ ਵਿਚ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ ਅਤੇ ਦੇਸ਼ ਸੇਵਾ ਦਾ ਜਜ਼ਬਾ ਹਰ ਪੰਜਾਬੀ ਦੇ ਮਨ ਵਿਚ ਬੁਲੰਦ ਹੈ। ਸਰਹੱਦ ‘ਤੇ ਤਾਇਨਾਤ ਪੰਜਾਬ ਦਾ ਸਿਪਾਹੀ ਹੋਵੇ ਜਾਂ ਪੰਜਾਬ ਦੇ ਖੇਤਾਂ ‘ਚ ਕੰਮ ਕਰਨ ਵਾਲਾ ਦੇਸ਼ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਹੋਵੇ। ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ।
ਉਨ੍ਹਾਂ ਦਾ ਕਹਿਣਾ ਹੈ ਕਿ ਸਾਲਾਂ ਦੀ ਮਿਹਨਤ ਤੋਂ ਬਾਅਦ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ। ਹਜ਼ਾਰਾਂ-ਲੱਖਾਂ ਕੁਰਬਾਨੀਆਂ ਦਿੱਤੀਆਂ। ਪੰਜਾਬੀਆਂ ਨੇ ਆਜ਼ਾਦੀ ਦੇ ਸੰਗਰਾਮ ਵਿਚ ਅਤੇ ਸਰਹੱਦਾਂ ‘ਤੇ ਵੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਪੰਜਾਬ ਦੇ ਕਈ ਸੂਰਬੀਰ ਫਾਹੇ ‘ਤੇ ਝੂਲਦੇ ਹਨ। ਅੱਜ ਅਸੀਂ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ। ਮਾਨ ਨੇ ਕਿਹਾ ਕਿ ਇਸ ਵਾਰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਪੰਜਾਬ ਦੇ ਹਰ ਵਸਨੀਕ ਵੱਲੋਂ ਬੜੇ ਉਤਸ਼ਾਹ ਨਾਲ ਮਨਾਈ ਜਾਵੇਗੀ। ਤਿਰੰਗਾ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਉੱਕਰਿਆ ਹੋਇਆ ਹੈ। ਪੰਜਾਬ ਦੇ ਲੋਕ ਘਰ-ਘਰ ਤਿਰੰਗਾ ਲਹਿਰਾਉਣਗੇ ਅਤੇ ਭਾਰਤ ਮਾਤਾ ਨੂੰ ਪ੍ਰਣਾਮ ਕਰਨਗੇ।
ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਨੂੰ ਤਬਾਹ ਕਰਨ ਦੇ ਸੁਪਨੇ ਦੇਖ ਰਹੇ ਦੇਸ਼ ਵਿਰੋਧੀ ਸ਼ਰਾਰਤੀ ਅਨਸਰਾਂ ਦੇ ਆਪਣੇ ਬੱਚੇ ਕੈਨੇਡਾ ਵਿੱਚ ਪੜ੍ਹ ਰਹੇ ਹਨ ਅਤੇ ਵਿਦੇਸ਼ੀ ਫੰਡਾਂ ਦੀ ਮਦਦ ਨਾਲ ਪੰਜਾਬ ਨੂੰ ਤਬਾਹ ਕਰਨ ਦੇ ਸੁਪਨੇ ਦੇਖ ਰਹੇ ਹਨ। ਪਰ ਪੰਜਾਬ ਸਰਕਾਰ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ ਅਤੇ ਉਨ੍ਹਾਂ ਦੇ ਮਨਸੂਬਿਆਂ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਵੇਗੀ।