ਅੰਮ੍ਰਿਤਸਰ ‘ਚ ਘਰ ਦੇ ਵਿੱਚ ਹੀ ਬਣੇ ਹੋਏ ਗੋਦਾਮ ‘ਚ ਅੱਗ ਲੱਗ ਗਈ ਹੈ। ਘਰ ਬੰਦ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਆਈ ਪਰ ਅੱਗ ਲੱਗਣ ਦੇ ਕਾਰਨ ਘਰ ਅਤੇ ਅੰਦਰ ਪਿਆ ਹੋਇਆ ਸਾਰਾ ਸਾਮਾਨ ਪੂਰੀ ਤਰ੍ਹਾਂ ਸੜ ਗਿਆ ਹੈ | ਘਰ ‘ਚ ਕੱਪੜਿਆਂ ਦਾ ਗੋਦਾਮ ਬਣਿਆ ਦੱਸਿਆ ਜਾ ਰਿਹਾ ਹੈ। ਅੱਗ ਦੀ ਵਜ੍ਹਾ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਹੈ | ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ।
ਸੂਚਨਾ ਦੇ ਅਨੁਸਾਰ ਇਹ ਹਾਦਸਾ ਸਵੇਰੇ 7 ਵਜੇ ਇੰਦਰਾ ਕਲੋਨੀ, ਬਟਾਲਾ ਰੋਡ, ਅੰਮ੍ਰਿਤਸਰ ਵਿਖੇ ਵਾਪਰਿਆ ਹੈ। ਆਸ-ਪਾਸ ਦੇ ਲੋਕ ਜਦੋਂ ਸਵੇਰੇ ਸੈਰ ਕਰਨ ਲਈ ਘਰ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਘਰ ‘ਚੋਂ ਧੂੰਆਂ ਨਿਕਲਦਾ ਦੇਖਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਥੋੜੀ ਦੇਰ ਬਾਅਦ ਹੀ ਫਾਇਰ ਬ੍ਰਿਗੇਡ ਮੌਕੇ ’ਤੇ ਪੁੱਜ ਗਈ। ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾ ਲੋਕਾਂ ਨੇ ਆਪ ਹੀ ਪਾਣੀ ਪਾ ਕੇ ਅੱਗ ‘ਤੇ ਥੋੜ੍ਹਾ ਕਾਬੂ ਪਾਇਆ, ਇਸ ਕਰਕੇ ਕੁਝ ਸਾਮਾਨ ਦਾ ਸੜਨੇ ਤੋਂ ਬਚਾਅ ਹੋ ਗਿਆ।
ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਲੱਗੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾ ਸਮਾਂ ਨੈੱਟ ਦੇ ਕੱਪੜੇ ‘ਤੇ ਲੱਗੀ ਅੱਗ ਤੇ ਕਾਬੂ ਪਾਉਣ ‘ਚ ਲੱਗਿਆ । ਨੈੱਟ ਦੇ ਪਿਘਲ ਜਾਣ ਦੇ ਕਾਰਨ ਅੱਗ ਹੋਰ ਵੱਧ ਰਹੀ ਸੀ। ਜਿਸ ਵਜ੍ਹਾ ਕਰਕੇ ਅੱਗ ਤੇ ਕਾਬੂ ਪਾਉਣ ਵਿੱਚ ਮੁਸ਼ਕਿਲ ਹੋ ਰਹੀ ਸੀ। ਫਾਇਰ ਬ੍ਰਿਗੇਡ ਦੀ ਟੀਮ ਦੋ ਘੰਟੇ ਬਾਅਦ ਅੱਗ ਬੁਝਾਉਣ ਵਿੱਚ ਕਾਮਯਾਬ ਹੋਈ।