ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਜੀਠਾ ਰੋਡ ਥਾਣੇ ਤੋਂ ਅੱਧਾ ਕਿਲੋਮੀਟਰ ਦੂਰ ਸਥਿਤ ਈਐਸਆਈ ਹਸਪਤਾਲ ਦੇ ਅੰਦਰੋਂ ਪੁਲਿਸ ਨੇ ਇੱਕ ਨਵਜੰਮੀ ਬੱਚੀ ਦੀ ਲਾਸ਼ ਬਰਾਮਦ ਕੀਤੀ। ਪੁਲਿਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਜੱਚਾ-ਬੱਚਾ ਵਾਰਡ ਬੇਬੇ ਨਾਨਕੀ ਅਤੇ ਈਐਸਆਈ ਹਸਪਤਾਲ ਦੇ ਵਿਚਕਾਰ ਕੰਧ ਨੇੜੇ ਕੱਪੜੇ ਵਿੱਚ ਲਪੇਟੀ ਲਾਸ਼ ਮਿਲੀ। ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਥਾਣਾ ਮਜੀਠਾ ਰੋਡ ਵਿਖੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਬਟਾਲਾ ਰੋਡ ‘ਤੇ ਗਲੀ ਮੁਰਨੀ ਮੁਹੱਲਾ ਵਾਸੀ ਅਵਤਾਰ ਸਿੰਘ ਪੁੱਤਰ ਮੋਹਨ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਹਸਪਤਾਲ ਦੇ ਸਕੂਟਰ ਸਟੈਂਡ ‘ਤੇ ਕੰਮ ਕਰਦਾ ਹੈ। ਅੱਜ ਸਵੇਰੇ ਉਹ ਆਪਣੀ ਡਿਊਟੀ ਖਤਮ ਕਰਕੇ ਪੈਦਲ ਤੁੰਗਾਂ ਵਾਲੀ ਪੁਲੀ ਵੱਲ ਜਾ ਰਿਹਾ ਸੀ। ਇਸ ਦੌਰਾਨ ਈ.ਐਸ.ਆਈ ਹਸਪਤਾਲ ਵਿੱਚ ਲੋਕਾਂ ਦੀ ਭੀੜ ਨੂੰ ਦੇਖ ਕੇ ਉਥੇ ਪਹੁੰਚ ਗਏ ਤਾਂ ਦੇਖਿਆ ਕਿ ਬੇਬੇ ਨਾਨਕੀ ਵਾਰਡ ਅਤੇ ਈਐਸਆਈ ਹਸਪਤਾਲ ਦੀ ਸਾਂਝੀ ਕੰਧ ਦੇ ਨਾਲ ਕੱਪੜੇ ਵਿੱਚ ਲਪੇਟੀ ਇੱਕ ਲੜਕੀ ਦੀ ਲਾਸ਼ ਪਈ ਸੀ।
ਉਸ ਨੇ ਦੱਸਿਆ ਕਿ ਬੱਚੀ ਦਾ ਸਰੀਰ ਨਾਡੂ ਨਾਲ ਢੱਕਿਆ ਹੋਇਆ ਸੀ ਅਤੇ ਕੀੜੀਆਂ ਘੁੰਮ ਰਹੀਆਂ ਸਨ। ਕੀੜੀਆਂ ਨੇ ਬੱਚੀ ਦੇ ਸੱਜੇ ਕੰਨ ਦਾ ਇੱਕ ਹਿੱਸਾ ਖਾ ਲਿਆ ਸੀ। ਲੜਕੀ ਦੀਆਂ ਦੋਵੇਂ ਲੱਤਾਂ ਹੇਠਾਂ ਤੋਂ ਨੀਲੀਆਂ ਹੋ ਗਈਆਂ ਸਨ। ਐਸਪੀ ਖੋਸਾ ਨੇ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਖ਼ਿਲਾਫ਼ ਧਾਰਾ 316 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੇਬੇ ਨਾਨਕੀ ਹਸਪਤਾਲ ਸਮੇਤ ਸਮੁੱਚੇ ਇਲਾਕੇ ਦੇ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਵਿੱਚ ਜਣੇਪੇ ਸਬੰਧੀ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਦਾਈਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਫੜਨ ਲਈ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਟਰੇਸ ਕਰਕੇ ਉਨ੍ਹਾਂ ਤੋਂ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ।