ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਵੀਰਵਾਰ, 23 ਫਰਵਰੀ ਨੂੰ ਪੰਜਾਬ ਵਿੱਚ ਹਿੰਸਾ ਕੀਤੀ। ਇਹ ਸਾਰਾ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਥਾਣਾ ਖੇਤਰ ਦਾ ਹੈ। ਅੰਮ੍ਰਿਤਪਾਲ ਸਿੰਘ ਦੇ ਕਈ ਸਮਰਥਕਾਂ ਨੇ ਤਲਵਾਰਾਂ ਅਤੇ ਬੰਦੂਕਾਂ ਨਾਲ ਪੁਲਿਸ ਬੈਰੀਕੇਡਾਂ ‘ਤੇ ਹਮਲਾ ਕੀਤਾ। ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਨੇ ਵੱਡਾ ਫੈਸਲਾ ਕੀਤਾ ਹੈ। ਸੂਚਨਾ ਦੇ ਅਨੁਸਾਰ ਪੁਲਿਸ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੂਫਾਨ ਸਿੰਘ ਨੂੰ ਸ਼ੁੱਕਰਵਾਰ 24 ਫਰਵਰੀ ਨੂੰ ਰਿਹਾਅ ਕਰਨ ਜਾ ਰਹੀ ਹੈ |
ਖ਼ਬਰਾਂ ਦੇ ਅਨੁਸਾਰ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਦਾ ਭਰੋਸਾ ਦੇਣ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅਜਨਾਲਾ ਪੁਲਿਸ ਸਟੇਸ਼ਨ ਦੀ ਹੱਦ ‘ਤੋਂ ਭਜਾ ਦਿੱਤਾ | ਸੂਚਨਾ ਦੇ ਅਨੁਸਾਰ ਪ੍ਰਦਰਸ਼ਨਕਾਰੀਆਂ ਨੂੰ ਨੇੜਲੇ ਗੁਰਦੁਆਰੇ ਵਿੱਚ ਭੇਜਿਆ ਗਿਆ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਕਿਹਾ ਗਿਆ ਕਿ ਜੇਕਰ ਸ਼ੁੱਕਰਵਾਰ ਨੂੰ ਤੂਫਾਨ ਸਿੰਘ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਅੰਦੋਲਨ ਜਾਰੀ ਰੱਖਣਗੇ ।
ਖ਼ਬਰਾਂ ਦੇ ਅਨੁਸਾਰ ਪੰਜਾਬ ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਜਾਵੇਗਾ। ਅੰਮ੍ਰਿਤਸਰ ਦੇ ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਹੈ ਕਿ “ਤੂਫਾਨ ਸਿੰਘ ਦੇ ਸਮਰਥਕਾਂ ਨੇ 15 ਫਰਵਰੀ ਨੂੰ ਹੋਈ ਹਿੰਸਾ ਵਿੱਚ ਤੂਫਾਨ ਦੀ ਗੈਰਹਾਜ਼ਰੀ ਦੇ ਸਬੂਤ ਦਿੱਤੇ ਹਨ। ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ ਤੂਫਾਨ ਨੂੰ ਅੱਜ ਰਿਹਾਅ ਕਰ ਦਿੱਤਾ ਜਾਵੇਗਾ।
ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਹੈ ਕਿ ਤੂਫਾਨ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਉਹ ਆਪਣਾ ਧਰਨਾ ਸਮਾਪਤ ਕਰ ਦੇਣਗੇ। ਜਾਣਕਾਰੀ ਦੇ ਅਨੁਸਾਰ ਪ੍ਰਦਰਸ਼ਨਕਾਰੀਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਅਜਨਾਲਾ ਥਾਣੇ ਦੇ ਬਾਹਰ ਹੋਏ ਧਰਨੇ ਅਤੇ ਹਿੰਸਾ ਵਿੱਚ ਉਨ੍ਹਾਂ ਦੇ 21 ਸਮਰਥਕ ਜ਼ਖ਼ਮੀ ਹੋਏ ਹਨ। ਇੰਨਾ ਹੀ ਨਹੀਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਮਾਮਲੇ ‘ਚ ਹਿੰਸਾ ਭੜਕਾਉਣ ਦੇ ਦੋਸ਼ ਵੀ ਲਾਏ ਹਨ ।