ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਨੇ ਇਕ ਵਾਰ ਮੁੜ ਤੋਂ ਨਸ਼ੇ ਦੀ ਵੱਡੀ ਖੇਪ ਫੜ ਲਈ ਹੈ। ਪੁਲਿਸ ਨੇ ਐਕਟਿਵਾ ‘ਤੇ ਨਸ਼ੇ ਦੀ ਸਪਲਾਈ ਕਰਨ ਜਾਂਦੇ ਸਰਦਾਰ ਨੂੰ ਟਰਾਮਾਡੋਲ ਦੀਆਂ 30 ਹਜ਼ਾਰ ਗੋਲੀਆਂ ਨਾਲ ਕਾਬੂ ਕੀਤਾ ਹੈ। ਇਨ੍ਹਾਂ ਗੋਲੀਆਂ ਦਾ ਭਾਰ 11 ਕਿਲੋ ਤੋਂ ਵੀ ਜਿਆਦਾ ਹੈ। ਨਸ਼ੀਲੀਆਂ ਵਸਤਾਂ ਦੀ ਸਪਲਾਈ ਕਿਥੋਂ ਹੋ ਰਹੀ ਹੈ, ਇਸ ਬਾਰੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਦੋਸ਼ੀਆਂ ਵਿਰੁੱਧ NDPS ਐਕਟ ਤਹਿਤ ਕੇਸ ਦਾਇਰ ਕਰ ਦਿੱਤਾ ਹੈ।
ਸੂਚਨਾ ਦੇ ਅਨੁਸਾਰ ਪੁਲਿਸ ਟੀਮ ਗੁਰਦੁਆਰਾ ਮੰਜੀ ਸਾਹਿਬ ਦੇ ਕੋਲ ਗਸ਼ਤ ’ਤੇ ਸੀ। ਇਸੇ ਦੌਰਾਨ ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਕਿ ਦੁਰਗਾ ਨਗਰ ਦੇ ਵਾਸੀ ਮੰਗਲ ਸਿੰਘ ਨਸ਼ੇ ਦੀਆ ਗੋਲੀਆਂ ਵੇਚਣ ਦਾ ਕੰਮ ਕਰ ਰਿਹਾ ਹੈ। ਅੱਜ ਵੀ ਦੋਸ਼ੀ ਆਪਣੀ ਐਕਟਿਵਾ ’ਤੇ ਕਾਫੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਰਾਜਪੁਰਾ (ਪੰਜਾਬ) ਵਾਲੇ ਪਾਸੇ ਤੋਂ ਕਾਲਕਾ ਚੌਕ ਵੱਲ ਨੂੰ ਜਾਣ ਵਾਲਾ ਹੈ। ਪੁਲਿਸ ਨੇ ਜਾਣਕਾਰੀ ਦੇ ਆਧਾਰ ‘ਤੇ ਐਕਸ਼ਨ ਲੈਂਦੇ ਹੋਏ ਸ਼ੁੱਕਰਵਾਰ ਸ਼ਾਮ ਨੂੰ ਨਾਕਾ ਲਗਾ ਦਿੱਤਾ ਸੀ।
ਪੁਲਿਸ ਦੇ ਅਨੁਸਾਰ ਕੁਝ ਸਮੇ ਮਗਰੋਂ ਸਰਵਿਸ ਲਾਈਨ ਰੋਡ ’ਤੇ ਇੱਕ ਸਰਦਾਰ ਆਦਮੀ ਨੂੰ ਪੰਜਾਬ ਸਾਈਡ ਤੋਂ ਐਕਟਿਵਾ ’ਤੇ ਆਉਂਦੇ ਦੇਖਿਆ ਗਿਆ। ਮੁਖ਼ਬਰ ਦੇ ਦੱਸਣ ‘ਤੇ ਪੁਲਿਸ ਨੇ ਦੋਸ਼ੀ ਨੂੰ ਰੁਕ ਜਾਣ ਦਾ ਇਸ਼ਾਰਾ ਕਰ ਦਿੱਤਾ ਪਰ ਦੋਸ਼ੀ ਪਿੱਛੇ ਵੱਲ ਨੂੰ ਭੱਜਣ ਲੱਗ ਗਿਆ। ਪਰ ਪੁਲਿਸ ਨੇ ਮੁਲਜ਼ਮ ਨੂੰ ਫੜ ਲਿਆ ਸੀ। ਪੁਲਿਸ ਦੇ ਪੁੱਛਗਿੱਛ ਕਰਨ ‘ਤੇ ਦੋਸ਼ੀ ਨੇ ਆਪਣੀ ਪਛਾਣ ਮੰਗਤ ਸਿੰਘ ਉਰਫ ਮੰਗਾ ਵਾਸੀ ਦੁਰਗਾ ਨਗਰ ਵਜੋਂ ਦੱਸ ਦਿੱਤੀ ਹੈ।
ਡਿਊਟੀ ਮੈਜਿਸਟ੍ਰੇਟ ਦੇ ਜਾਂਚ ਕਰਨ ‘ਤੇ ਦੋਸ਼ੀ ਦੀ ਜੇਬ ‘ਚੋਂ ਇਕ ਮੋਬਾਈਲ ਫੋਨ, 400 ਰੁਪਏ ਅਤੇ ਐਕਟਿਵਾ ਦੇ ਫੁੱਟਬੋਰਡ ‘ਤੇ ਰੱਖੇ ਹੋਏ ਬੈਗ ‘ਚੋਂ 60 ਪੇਟੀਆਂ ਨਸ਼ੀਲੀਆਂ ਗੋਲੀਆਂ ਕਾਬੂ ਕੀਤੀਆਂ ਹਨ| ਇੱਕ ਡੱਬੇ ‘ਚ 10 ਪੱਤੇ ਮਿਲੇ ਹਨ ਅਤੇ ਹਰ ਪੱਤੇ ਵਿੱਚ ਟਰਾਮਾਡੋਲ ਦੀਆਂ 50-50 ਗੋਲੀਆਂ ਹਨ। ਇੱਕ ਡੱਬੇ ‘ਚ 500 ਗੋਲੀਆਂ ਨੇ, ਕੁੱਲ 30,000 ਗੋਲੀਆਂ ਕਾਬੂ ਕੀਤੀਆਂ ਹਨ।ਦੋਸ਼ੀ ਵਿਰੁੱਧ ਅੰਬਾਲਾ ਸਿਟੀ ਪੁਲਿਸ ਸਟੇਸ਼ਨ ਵਿੱਚ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।